ਬੁਲ੍ਹਿਆ ਕੀਹ ਜਾਣਾ ਮੈਂ ਕੋਣ

0
917

ਨਾ ਮੈਂ ਮੋਮਨ ਵਿਚ ਮਸੀਤਾਂ

ਨਾ ਮੈਂ ਵਿਚ ਕੁਫਰ ਦੀਆਂ ਰੀਤਾਂ

ਨਾ ਮੈਂ ਪਾਕਾਂ ਵਿਚ ਪਲੀਤਾਂ

ਨਾ ਮੈਂ ਮੂਸਾ ਨਾ ਫਰਊਨ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਮੈਂ ਅੰਦਰ ਬੇਦ ਕਿਤਾਬਾਂ

ਨਾ ਮੈਂ ਭੰਗਾਂ ਵਿਚ ਸ਼ਰਾਬਾਂ

ਨਾ ਵਿਚ ਰਹਿੰਦਾ ਮਸਤ ਖਰਾਬਾਂ

ਨਾ ਵਿਚ ਜਾਗਨ ਨਾ ਵਿਚ ਸੋਣ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਵਿਚ ਸ਼ਾਦੀ ਨਾ ਗ਼ਮਨੀਕੀ

ਨਾ ਮੈਂ ਵਿਚ ਪਲੀਤੀ ਪਾਕੀ

ਨਾ ਮੈਂ ਆਬੀ ਨਾ ਮੈਂ ਖਾਕੀ

ਨਾ ਮੈਂ ਆਤਿਸ਼ ਨਾ ਮੈਂ ਪੌਣ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਮੈਂ ਅਰਬੀ ਨਾ ਲਾਹੌਰੀ

ਨਾ ਮੈਂ ਹਿੰਦੀ ਸ਼ਹਿਰੀ ਨਾਗੌਰੀ

ਨਾ ਮੈਂ ਹਿੰਦੂ ਤੁਰਕ ਪਸ਼ੌਰੀ

ਨਾ ਮੈਂ ਰਹਿੰਦਾ ਵਿਚ ਨਦੌਨ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਮੈਂ ਭੇਤ ਮਜ੍ਹਬ ਦਾ ਪਾਇਆ

ਮਾ ਮੈਂ ਆਦਮ ਹੱਉਆ ਜਾਇਆ

ਨਾ ਮੈਂ ਅਪਣਾ ਨਾਮ ਧਿਆਇਆ

ਨਾ ਵਿਚ ਬੈਠਣ ਨਾ ਵਿਚ ਸੌਣ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਅੱਵਲ ਆਖ਼ਿਰ ਆਪ ਨੂੰ ਜਾਣਾ

ਨਾ ਕੋਈ ਦੂਜਾ ਹੋਰ ਪਛਾਣਾ

ਮੈਥੋਂ ਹੋਰ ਨਾ ਕੋਈ ਸਿਆਣਾ

ਬੁਲ੍ਹਿਆ ਸ਼ੌਹ ਖੜ੍ਹਾ ਹੈ ਕੌਣ ?

ਬੁਲ੍ਹਿਆ ਕੀਹ ਜਾਣਾ ਮੈਂ ਕੋਣ