ਬਿਬੇਕ, ਬਿਬੇਕੀ ਅਤੇ ਸਰਬਲੋਹੀਏ?

0
931

ਮਹਾਨਕੋਸ਼ ਅਨੁਸਾਰ ਬਿਬੇਕ-ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਭਾਵ ਹੈ ਕਿ ਵਸਤੂ ਦੇ ਠੀਕ ਠੀਕ ਸਰੂਪ ਦਾ ਨਿਸਚੈ ਕਰਨਾ, ਵਿਚਾਰ, ਯਥਾਰਥ ਗਿਆਨ ਅਤੇਬਿਬੇਕੀ ਦਾ ਅਰਥ ਹੈ ਵਸਤੂ ਦੀ ਅਸਲੀਅਤ (ਯਥਾਰਥ ਗਿਆਨ) ਨੂੰ ਜਾਬਣਵਾਲਾ, ਸਿੱਖ ਧਰਮ ਦੇ ਨਿਯਮਾਂ ਦੀ ਦ੍ਰਿੜਤਾ ਨਾਲ ਪਾਲਨਾ ਕਰਨ ਵਾਲਾ। ਸਰਬਲੋਹੀਆ-ਲੋਹੇ ਦੇ ਬਿਨਾਂ ਹੋਰ ਬਰਤਨਾਂ ਵਿੱਚ ਨਾਂ ਖਾਣ ਪੀਣ ਵਾਲਾ, ਸ਼ਸ਼ਤਰਧਾਰੀ ਅਤੇ ਸਾਰੇ ਸਰੀਰ ਨੂੰ ਲੋਹੇ ਨਾਲ ਢੱਕ ਲੈਣ ਵਾਲਾ। ਆਓ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੇਖੀਏ ਇਸ ਬਾਰੇ ਕੀ ਫੁਰਮਾਂਦੀ ਹੈ-ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥(੬੪੧) ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ (੩੧੭) ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ॥ (੩੯੭) ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ (੫੦੧) ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ (੭੧੧) ਅਚਿੰਤੋ ਉਪਜਿਓ ਸਗਲ ਬਿਬੇਕਾ ॥ (੧੧੫੭) ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੁ ॥੪॥੫॥(੭੯੩)

ਉਪ੍ਰੋਕਤ ਗੁਰਬਾਣੀ ਪ੍ਰਮਾਣਾਂ ਤੋਂ ਸਾਫ ਪਤਾ ਲਗਦਾ ਹੈ ਕਿ ਬਿਬੇਕ ਭਾਵ ਹੈ ਅਸਲ ਰੱਬੀ ਗਿਆਨ (ਯਥਾਰਥ ਸਮਝ) ਅਤੇ ਗੁਰਮਤਿ ਸਿਧਾਤਾਂ ਦੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਨਾਂ ਕਿ ਕੇਵਲ ਲੋਹੇ ਦੇ ਬਰਤਨਾਂ ਵਿੱਚ ਹੀ ਛੱਕਣ, ਵੱਖਰੀ ਸੁੱਚ ਭਿੱਟ ਰੱਖਣ ਅਤੇ ਗੁਰਦੁਆਰੇ ਸੰਗਤਾਂ ਵੱਲੋਂ ਬਣਿਆਂ ਕੜਾਹ ਪ੍ਰਸ਼ਾਦ ਜਾਂ ਲੰਗਰ ਨਾਂ ਛੱਕਣ ਵਾਲਾ। ਗਿਣਤੀ ਦੇ ਪਾਠ, ਬੇਦਾਂ ਦੀ ਵਿਚਾਰ, ਜੋਗੀਆਂ ਵਾਲੇ ਕਰਮ, ਸਭ ਫੋਕਟ ਹਨ ਇਨ੍ਹਾਂ ਨਾਲ ਰੱਬ ਨਹੀਂ ਮਿਲਦਾ ਇਸ ਲਈ ਹੇ ਕਰਤਾਰ! ਦੀਜੈ ਬੁਧਿ ਬਿਬੇਕਾ ਭਾਵ ਰੱਬੀ ਗਿਆਨ ਵਾਲੀ ਬੁੱਧੀ (ਅਕਲਿ) ਸੋਝੀ ਬਖਸ਼।

ਕੁਝ ਸਮੇਂ ਤੋਂ ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਅੱਜ ਗੁਰੂ ਨਾਨਕ ਦੇ ਵੀ ਗੁਰੂ ਬਣੇ ਫਿਰਦੇ ਹਨ। ਜਿਹੜਾ ਬਾਬਾ ਨਾਨਕ ਬੱਚਿਆਂ ਦੇ ਨਾਲ ਘੜੇ ਚੋਂ ਇੱਕ ਥਾਂ ਪਾਣੀ ਪੀ ਲੈਂਦਾ, ਪੂਰਬ ਨੂੰ ਜਾਂਦਾ ਹਿੰਦੂਆਂ, ਦਲਤਾਂ ਅਤੇ ਮੱਕੇ ਨੂੰ ਜਾਂਦਾ ਹੋਇਆ ਯਾਤਰੂ ਹਾਜੀ ਮੁਸਲਮਾਨਾਂ ਦੇ ਹੱਥ ਦਾ ਭੋਜਨ ਵੀ ਛਕ ਲੈਂਦਾ ਸੀ ਨਾਂ ਕਿ ਉਹ ਆਪਣੇ ਨਾਲ ਸਰਬਲੋਹ ਦੇ ਭਾਂਡੇ ਵੀ ਚੱਕੀ ਫਿਰਦਾ ਸੀ? ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਤਾਂ ਸਰਬਲੋਹ ਵਾਲੀ ਸੁੱਚ ਭਿੱਟ ਕਿਤੇ ਨਹੀਂ ਰੱਖੀ। ਕੀ ਬਾਬਾ ਨਾਨਕ ਬਿਬੇਕੀ ਨਹੀਂ ਸੀ ਅਸੀਂ ਬਾਬੇ ਤੋਂ ਵੀ ਵੱਡੇ ਬਿਬੇਕੀ ਹਾਂ? ਜਿਹੜੇ ਦੂਜੇ ਸਿੱਖਾਂ ਦੇ ਹੱਥ ਦਾ ਬਣਿਆਂ ਕੜਾਹ ਪ੍ਰਸ਼ਾਦ ਅਤੇ ਲੰਗਰ ਵੀ ਨਹੀਂ ਛਕਦੇ। ਗੁਰੂ ਦੇ ਚਲਾਏ ਪਵਿਤਰ ਲੰਗਰ ਨੂੰ ਤਾਂ ਬਾਕੀ ਧਰਮਾਂ ਦੇ ਲੋਕ ਵੀ ਬੜੇ ਸਤਿਕਾਰ ਨਾਲ ਛਕਦੇ ਹਨ। ਵਾਰੇ ਵਾਰੇ ਜਾਈਏ ਬਾਹਮਣ ਭਾਊ ਦੇ ਜਿਸ ਨੇ ਸਿੱਖੀ ਸਰੂਪ ਧਾਰਨ ਕਰਕੇ, ਸਿੱਖੀ ਦਾ ਐਸਾ ਮੌਜੂ ਉਡਾਇਆ ਕਿ ਕੀ ਮਜਾਲ ਇਹ ਦੇਖ ਕੇ ਕੋਈ ਗੈਰ ਸਿੱਖ ਸਿੱਖੀ ਧਾਰਨ ਕਰਨ ਦਾ ਹੀਆ ਕਰੇ!!! ਦੇਖੋ! ਦੁੱਧ ਜਿਸ ਤੋਂ ਘਿਉ ਬਣਿਆਂ ਉਹ ਤਾਂ ਚਮੜੇ ਵਾਲੀ ਮੱਝ ਜਾਂ ਗਾਂ ਦੇ ਥਣਾਂ ਚੋਂ ਆਇਆ, ਖੰਡ ਜੋ ਕੜਾਹ ਪ੍ਰਸ਼ਾਦ ਅਤੇ ਅੰਮ੍ਰਿਤ ਲਈ ਵਰਤੀ, ਉਹ ਗੰਨੇ ਦੇ ਰਸ ਅਤੇ ਪਸ਼ੂਆਂ ਦੀਆਂ ਹੱਡੀਆਂ ਦੇ ਪਾਊਡਰ ਆਦਿਕ ਤੋਂ ਬਣੀ ਅਤੇ ਬਨੌਣ ਵਾਲੇ ਵੀ ਸਾਰੇ ਸਰਬਲੋਹੀਏ ਨਹੀਂ। ਗੁਰਬਾਣੀ ਤਾਂ ਸੁੱਚ-ਭਿੱਟ ਅਤੇ ਛੂਆ-ਛਾਤ ਨੂੰ ਮੰਨਦੀ ਹੀ ਨਹੀਂ ਤੇ ਫੁਰਮਾਂਦੀ ਹੈ ਕਿ-ਮਨੁ ਨਹੀਂ ਸੂਚਾ ਕਿਆ ਸੋਚ ਕਰੀਜੈ॥(੯੦੫) ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (੫੫੮)

ਕੀ ਇਹ ਸਰਬਲੋਹੀਏ ਪਾਣੀ, ਅੰਨ, ਆਟਾ, ਦਾਣਾ, ਸਬਜੀਆਂ ਅਤੇ ਫਲ ਫਰੂਟ ਵੀ ਲੋਹੇ ਦੇ ਖਾਂਦੇ ਹਨ? ਕਦੇ ਧਿਆਨ ਕੀਤਾ ਹੈ ਕਿ ਜੋ ਆਪਾਂ ਸਾਹ ਲੈਂਦੇ ਹਾਂ ਉਹ ਹਵਾ ਸਭ ਦੇ ਅੰਦਰ ਜਾਂਦੀ ਹੈ ਭਾਵੇਂ ਉਹ ਸਿੱਖ ਹੈ ਜਾਂ ਗੈਰ ਸਿੱਖ। ਕੀ ਇਹ ਬਿਬੇਕੀ ਅਖੰਡ ਕੀਰਤਨੀਏਂ (ਸਾਰੇ ਨਹੀਂ) ਸਾਹ ਵਾਲੀ ਹਵਾ ਵੀ ਸਰਬਲੋਹ ਦੀ ਲੈਂਦੇ ਹਨ ਜਾਂ ਲਿਆ ਕਰਨਗੇ? ਅਖੰਡ ਕੀਰਤਨੀ ਜਥੇਬੰਧੀ ਬਹੁਤ ਵਧੀਆ ਜਥੇਬੰਦੀ ਸੀ ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਨਿਰੋਲ ਕੀਰਤਨ ਕਰਦੀ ਹੋਰ ਕਿਸੇ ਗ੍ਰੰਥ ਜਾਂ ਸਾਧ ਸੰਤ ਨੂੰ ਮਾਨਤਾ ਨਹੀਂ ਸੀ ਦਿੰਦੀ ਪਰ ਪਤਾ ਨਹੀਂ ਇਸ ਵਿੱਚ ਬਿਬੇਕੀ ਮਰਯਾਦਾ ਵਾਲੇ ਕਟੜ ਲੋਕ ਕਿਵੇਂ ਸ਼ਾਮਲ ਹੋ ਗਏ? ਜਥੇਬੰਦੀ ਨੂੰ ਇਧਰ ਫੌਰਨ ਧਿਆਨ ਦੇਣਾ ਚਾਹੀਦਾ ਹੈ। ਬਿਬੇਕ ਦਾ ਅਰਥ ਗਿਆਨ ਹੈ ਨਾਂ ਕਿ ਸਰਬਲੋਹ ਦਾ ਧਾਰਨੀ ਹੋਣਾ। ਇਹ ਬਿਬੇਕੀ ਅਖੰਡ ਕੀਰਤਨੀਏਂ ਕੀ ਸਰਬਲੋਹ ਦੀ ਮਾਂ ਦੇ ਪੇਟੋਂ ਜੰਮੈ ਹਨ? ਜਦ ਮਾਂ ਦਾ ਦੁੱਧ ਚੁੰਗਦੇ ਹਨ ਕੀ ਮਾਂ ਦੇ ਨਿਪਲ ਸਰਬਲੋਹ ਦੇ ਹੁੰਦੇ ਹਨ? ਕੀ ਕੀਰਤਨ ਵਿੱਚ ਕਿਲਕਾਰੀਆਂ ਮਾਰਨਾਂ ਸਿਮਰਨ ਹੈ? ਸਾਡੇ ਗੁਰੂ ਅਤੇ ਭਗਤ ਤਾਂ ਸੰਸਾਰ ਦੀਆਂ ਬਹੁਤ ਸਾਰੀਆਂ ਕੌਮਾਂ ਕਬੀਲਿਆਂ ਵਿੱਚ ਵਿਚਰੇ ਅਤੇ ਉਨ੍ਹਾਂ ਕੋਲੋਂ ਭੋਜਨ ਪਾਣੀ ਵੀ ਛਕਦੇ ਰਹੇ। ਫਿਰ ਇਹ ਲੋਕ ਕਿਹੜੇ ਗੁਰੂ ਜਾਂ ਭਗਤ ਦੇ ਸਿੱਖ ਹਨ ਜੋ ਇਨ੍ਹਾਂ ਨੂੰ ਏਸ ਰਾਹੇ ਪਾ ਗਿਆ ਹੈ?

ਲੋਹਾ ਸਾਨੂੰ ਭੋਜਨ ਪਾਣੀ ਵਿੱਚੋਂ ਮਿਲਦਾ ਰਹਿੰਦਾ ਹੈ ਨਾ ਕਿ ਕੇਵਲ ਲੋਹੇ ਦੇ ਭਾਡਿਆਂ ਚੋਂ ਹੀ ਮਿਲਦਾ ਹੈ। ਪੁਰਾਤਨ ਸਮੇਂ ਸਿੰਘ ਸਿੰਘਣੀਆਂ ਲੋਹੇ ਦੇ ਭਾਂਡੇ ਇਸ ਕਰਕੇ ਵਰਤਦੇ ਸਨ ਜੋ ਮਜਬੂਤ ਹੁੰਦੇ ਸਨ, ਲੋਹਾ ਬਾਕੀ ਧਾਤਾਂ ਨਾਲੋਂ ਸਸਤਾ ਵੀ ਸੀ ਅਤੇ ਲੋਹੇ ਦੇ ਸ਼ਸ਼ਤਰ ਵੀ ਬਣਾਏ ਜਾਂਦੇ ਸਨ। ਜਿਉਂ ਜਿਉਂ ਸਮਾਂ ਬਦਲਿਆ ਖਾਣ ਪੀਣ, ਪਹਿਨਣ ਅਤੇ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਬਦਲੇ। ਜਿਵੇਂ ਪਹਿਲੇ ਕੱਚੇ ਚੁੱਲਿਆਂ ਤੇ ਲੋਹਾਂ ਤਪਾ ਕੇ ਅਤੇ ਲਕੜੀ ਦਾ ਬਾਲਣ ਬਾਲ ਕੇ ਲੰਗਰ ਬਣਦਾ ਸੀ ਤੇ ਹੁਣ ਗੈਸ ਚੁੱਲੇ ਅਤੇ ਬਿਜਲੀ ਦੇ ਹੀਟਰ ਵਰਤੇ ਜਾ ਰਹੇ ਹਨ ਅਤੇ ਭਾਂਡੇ ਵੀ ਕੱਚ ਅਤੇ ਸਟੀਲ ਦੇ ਪ੍ਰਚਲਤ ਹਨ ਜੋ ਹਰ ਥਾਂ ਅਸਾਨੀ ਨਾਲ ਮਿਲ ਜਾਂਦੇ ਅਤੇ ਜਲਦੀ ਸਾਫ ਕੀਤੇ ਜਾ ਸਕਦੇ ਹਨ।

ਭਲਿਓ ਬਾਹਮਣ ਵਾਲੇ ਵਹਿਮਾਂ-ਭਰਮਾਂ, ਕਰਮਕਾਂਡਾ ਅਤੇ ਛੂਆ-ਛਾਤਾਂ ਤੋਂ ਗੁਰੂ ਗਿਆਨ ਦਾ ਬਿਬੇਕ ਧਾਰ ਕੇ ਬਚੋ ਨਾਂ ਕਿ ਸਰਬਲੋਹ ਦਾ ਬਿਬੇਕ ਧਾਰਨ ਕਰਕੇ ਹੰਕਾਰੀ ਹੋ ਦੂਜਿਆਂ ਨੂੰ ਨਫਰਤ ਕਰਦੇ ਰਹੋ। ਹਾਂ ਜਿੱਥੇ ਤੁਸੀਂ ਅਰਾਮ ਨਾਲ ਸਰਬਲੋਹ ਵਰਤ ਸਕਦੇ ਹੋ ਜੀ ਸਦਕੇ ਵਰਤੋ ਪਰ ਸ਼ਰਧਾਲੂ ਸਿੱਖ ਸੰਗਤਾਂ ਦੇ ਘਰਾਂ ਵਿੱਚ ਛੂਆ-ਛਾਤ ਵਾਲੇ ਬਿਬੇਕ (ਸਰਬਲੋਹ) ਦਾ ਹਊਆ ਖੜਾ ਕਰਕੇ ਸਿੱਖੀ ਨੂੰ ਔਖਾ ਰਸਤਾ ਨਾ ਬਣਾਓ ਕਿ ਆਮ ਲੋਕ ਸਾਡੇ ਤੋਂ ਦੂਰ ਹੋ ਜਾਣ। ਗੁਰੂਆਂ ਭਗਤਾਂ ਦੇ ਮਾਰਗ ਤੇ ਚੱਲੋ ਨਾਂ ਕਿ ਕਿਸੇ ਵੱਖਰੀ ਮਰਯਾਦਾ ਵਾਲੇ ਸਾਧਾਂ-ਸੰਤਾਂ ਜਾਂ ਜਥੇਦਾਰਾਂ ਦੀਆਂ ਚਲਾਈਆਂ ਰੀਤਾਂ ਹੀ ਧਾਰੀ ਰੱਖੋ। ਅਸੀਂ ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਗਿਆਨ (ਬਿਬੇਕ) ਤੋਂ ਸਿਆਣੇ ਨਹੀਂ ਸਗੋਂ ਆਪਾਂ ਸਾਰੇ ਸਿੱਖ ਹਾਂ ਜਿਸਦਾ ਮਤਲਵ ਹੈ ਹਰ ਵੇਲੇ ਗੁਰੂ ਗਿਆਨ ਸਿਖਦੇ ਤੇ ਜੀਵਨ ਵਿੱਚ ਧਾਰਦੇ ਰਹਿਣਾ ਅਤੇ ਸਭ ਨੂੰ ਆਪਣੇ ਭੈਣ ਭਾਈ ਸਮਝ ਕੇ ਸੰਸਾਰ ਵਿੱਚ ਸਭ ਨਾਲ ਬਰਾਬਰ ਵਰਤਣਾ। ਸਫਾਈ ਰੱਖਣੀ ਵੱਖਰੀ ਗੱਲ ਹੈ ਪਰ ਸੁੱਚ-ਭਿੱਟ ਵਾਲੀ ਬਿਬੇਕ ਧਾਰਨ ਕਰਨਾ ਕੇਵਲ ਭਰਮ ਹੈ।

ਅਵਤਾਰ ਸਿੰਘ ਮਿਸ਼ਨਰੀ (5104325827)