ਸ਼ਾਮ ਢਲੇ – ਅਮਰਜੀਤ ਕੌਰ

0
648

ਸ਼ਾਮ ਢਲੇ ਮੁੜ ਆਵੇਂਗਾ ਤਾਂ ਚੰਗਾ ਹੈ।
ਕਦਮ ਸੰਭਾਲ ਟਿਕਾਵੇਂਗਾ ਤਾਂ ਚੰਗਾ ਹੈ।
ਪੈ ਜਾਵੀਂ ਸ਼ਾਹ ਰਾਹ ਤੇ ਪਗਡੰਡੀਆਂ ਛਡ,
ਭੀੜ ‘ਚ ਗੁੰਮ ਨਾ ਜਾਵੇਂਗਾ ਤਾਂ ਚੰਗਾ ਹੈ।
ਢਾਲ ਬਣਾ ਲਈਂ ਤੂੰ ਅਪਣੀ ਹਰ ਮੁਸ਼ਕਿਲ ਨੂੰ,
ਦੁੱਖ ‘ਚ ਦ੍ਰਿੜ ਹੋ ਜਾਵੇਂਗਾ ਤਾਂ ਚੰਗਾ ਹੈ।
ਹਰ ਜੰਗ ਦੇ ਵਿਚ ਜਿੱਤ ਜ਼ਰੂਰੀ ਨਹੀਂ ਹੁੰਦੀ,
ਹਾਰ ਤੋਂ ਕੁੱਝ ਸਿਖ ਜਾਵੇਂਗਾ ਤਾਂ ਚੰਗਾ ਹੈ।
ਕਹਿਣਗੇ ਲੋਕ ਨਾ ਜਾਵੀਂ ਰਾਹ ਬਗਾਵਤ ਦੇ,
ਜ਼ੁਲਮ ਅੱਗੇ ਅੜ ਜਾਵੇਂਗਾ ਤਾਂ ਚੰਗਾ ਹੈ।
ਕਿਰਤ ਕਰਨ ਲਈ ਜਿੱਥੇ ਮਰਜ਼ੀ ਜਾਵੀਂ ਤੂੰ,
ਵਤਨੀਂ ਜੇ ਮੁੜ ਆਵੇਂਗਾ ਤਾਂ ਚੰਗਾ ਹੈ।
ਵਿਚ ਵਿਨਾਸ਼ ਵਿਕਾਸ ਪਿਆ ਹੈ ‘ਹਿਰਦੇ’ ਦਾ,
ਸਹਿਜ ਨੂੰ ਢਾਲ ਬਣਾਵੇਂਗਾ ਤਾਂ ਚੰਗਾ ਹੈ।
‘ਹਿਰਦੇ’ ਵਿਚ ਤੂੰ ਰੱਖੀਂ ਡਰ ਸੱਚਾਈ ਦਾ,
ਸ਼ਰਨ ਪਿਆ ਗਲ਼ ਲਾਵੇਂਗਾ ਤਾਂ ਚੰਗਾ ਹੈ।