ਮੇਰੇ ਅੰਮ੍ਰਿਤ ਛਕਣ ਦੇ ਪ੍ਰੇਰਨਾ ਸਰੋਤ – ਜਸਵਿੰਦਰ ਸਿੰਘ ਰੂਪਾਲ

0
1154

ਗੁਰਸਿੱਖੀ ਨਾਲ ਪਿਆਰ ਰੱਖਣ ਵਾਲੇ,ਗੁਰਬਾਣੀ ਪੜ੍ਹਨ ਵਾਲੇ,ਰੋਜ਼ਾਨਾ ਗੁਰੁ ਘਰ ਜਾਣ ਵਾਲੇ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਸੱਜਣ ਅਜਿਹੇ ਹਨ ਜਿਹੜੇ ਕਈ ਜਾਣੇ-ਅਣਜਾਣੇ ਕਾਰਨਾਂ ਕਰਕੇ ਅੰਮ੍ਰਿਤ ਛਕਣ ਦਾ ਹੌਂਸਲਾ ਨਹੀਂ ਕਰਦੇ । ਉਨ੍ਹਾਂ ਦੇ ਮਨ ਅੰਦਰ ਕੁਝ ਅਜੀਬ ਕਿਸਮ ਦੇ ਡਰ,ਝਿਜ਼ਕ,ਅਤੇ ਸ਼ੰਕੇ ਹੁੰਦੇ ਹਨ ਜਿਹੜੇ ਉਨਾਂ ਨੂੰ \’ਖਾਲਸਾ\’ ਬਣਨ ਤੋਂ ਰੋਕਦੇ ਹਨ । ਮੈਂ ਅੱਜ ਪਾਠਕਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਸ਼ੰਕੇ ਜੋ ਅੰਮ੍ਰਿਤ ਛਕਣ ਤੋਂ ਪਹਿਲਾਂ ਮੇਰੇ ਮਨ ਵਿੱਚ ਸਨ ਅਤੇ ਉਹ ਸ਼ੰਕੇ ਕਿਵੇਂ ਦੂਰ ਹੋਏ   ਸਾਡਾ ਪਰਿਵਾਰ ਸੁਰੂ ਤੋਂ ਹੀ ਧਾਰਮਿਕ ਖਿਆਲਾਂ ਦਾ ਸੀ,ਜਿਸ ਕਾਰਨ ਪਾਠ ਕਰਨ ਦਾ ਅਭਿਆਸ ਮੈਨੂੰ ਛੋਟੇ ਹੁੰਦੇ ਨੂੰ ਹੀ ਹੋ ਗਿਆ ਸੀ । ਉਦੋਂ ਮੈਂ ਨੌਵੀਂ ਵਿੱਚ ਹੀ ਸਾਂ ਜਦੋਂ ਭੇਣਾਂ ਨੇ ਹੌਂਸਲਾ ਦੇ ਕੇ ਗੁਰਦੁਆਰੇ ਸਪੀਕਰ ਵਿੱਚ ਪਾਠ ਕਰਨ ਲਾ ਦਿੱਤਾ ਸੀ । ਮੇਰੀ ਆਵਾਜ ਵੀ ਉੱਚੀ ਸੀ ਅਤੇ ਉਚਾਰਣ ਵੀ ਸੁੱਧ ਸੀ,ਜਿਸ ਕਾਰਨ ਗ੍ਰੰਥੀ ਸਿੰਘ ਨੇ ਅਤੇ ਸੰਗਤਾਂ ਨੇ ਪ੍ਰਸੰਸਾ ਕੀਤੀ । ਪਿੰਡ ਦੀਆਂ ਇੱਕ ਦੋ ਬਜੁਰਗ ਔਰਤਾਂ,ਜਿਹੜੀਆਂ ਆਪ ਅਨਪੜ੍ਹ ਹੋਣ ਕਾਰਨ ਪਾਠ ਨਹੀਂ ਸੀ ਕਰ ਸਕਦੀਆਂ,ਉਹ ਸੁਖਮਨੀ ਸਾਹਿਬ ਦਾ ਪਾਠ ਸੁਣਨ ਸਾਡੇ ਘਰ ਆ ਜਾਦੀਆ ਸਨ । ਇਨ੍ਹਾਂ ਨੂੰ ਪਹਿਲਾਂ ਤਾਂ ਪਾਠ ਬੀਬੀ ਜੀ ਸੁਣਾਇਆ ਕਰਦੇ ਸਨ,ਪਰ ਜਦੋਂ ਤੋਂ ਉਨਾਂ ਮੇਰਾ ਪਾਠ ਸੁਣਿਆ ਸੀ,ਉਨਾਂ ਨੂੰ ਵੀ ਪਾਠ ਮੈਂ ਹੀ ਸੁਣਾਉਣ ਲੱਗ ਪਿਆ ਸਾਂ । ਕਿਉਂਕਿ ਬੀਬੀ ਜੀ ਨੂੰ ਵੀ ਨਿਗ੍ਹਾ ਘਟਣ ਕਾਰਨ ਔਖ ਹੋ ਰਹੀ ਸੀ । ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਹੋਰਾਂ ਦੀ ਪ੍ਰੇਰਨਾ ਅਤੇ ਸੇਧ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲੱਗ ਗਿਆ ਸੀ ਅਤੇ ਹੌਲੀ ਹੌਲੀ ਸਹਿਜ ਪਾਠ ਅਤੇ ਫਿਰ ਅਖੰਡ ਪਾਠਾਂ ਵਿੱਚ ਵੀ ਡਿਊਟੀ ਦੇਣ ਲੱਗ ਪਿਆ ਸੀ । ਪਰ ਅੰਮ੍ਰਿਤਧਾਰੀ ਮੈਂ ਨਹੀਂ ਸਾਂ । ਕਈ ਸੱਜਣ ਪਿਆਰ ਨਾਲ ਮੈਨੂੰ ਅੰਮ੍ਰਿਤ ਛਕਣ ਲਈ ਆਖਦੇ ਵੀ ,ਪਰ ਮਨ ਅੰਦਰਲੇ ਕਿਸੇ ਡਰ ਕਾਰਨ ਹਾਮੀ ਨਹੀਂ ਸੀ ਭਰਦਾ ।æææææ
ਮੇਰੇ ਮਨ ਵਿੱਚ ਸੀ ਕਿ ਅੰਮ੍ਰਿਤਧਾਰੀ ਇਨਸਾਨ ਬਿਲਕੁਲ ਪੂਰਨ ਇਨਸਾਨ ਹੋਣਾ ਚਾਹੀਦਾ ਹੈ । ਅਤੇ ਮੈਂ ਆਪਣੇ ਆਪ ਨੂੰ ਏਨਾ ਸੱਚਾ-ਸੁੱਚਾ ਅਤੇ ਗੁਣਵਾਨ ਨਹੀਂ ਸਾਂ ਸਮਝਦਾ । ਮੇਰੇ ਮਨ ਚ\’ ਕਈ ਦੁਚਿੱਤੀਆਂ ਸਨ । ਪਹਿਲੀ ਅਤੇ ਮੁੱਖ ਤਾਂ ਮਨ ਦੀ ਸੁੱਧਤਾ ਦੀ ਹੀ ਸੀ ,ਕਿਉਂਕਿ ਮੇਰੇ ਖਿਆਲ ਵਿੱਚ ਵਿਕਾਰੀ ਅਤੇ ਔਗੁਣਾਂ ਵਾਲੇ ਨੂੰ ਅੰਮ੍ਰਿਤ ਨਹੀਂ ਸੀ ਛਕਣਾ ਚਾਹੀਦਾ । ਦੇਖਣ ਨੂੰ ਤਾਂ ਮੈਂ ਸਾਊ ਅਤੇ ਨਿਮਰਤਾਵਾਨ ਪੂਰਾ ਸੀ,ਪਰ ਅੰਦਰੋਂ ਪੂਰਾ-ਸੂਰਾ ਤਾਂ ਮੈਂ ਨਹੀਂ ਸੀ । ਦੂਸਰਾ ਸ਼ੰਕਾ \’ਤਨ\’ ਦਾ ਵੀ ਸੀ । ਕੀ ਮੈਂ ਪੰਜ-ਕਕਾਰੀ ਰਹਿਤ ਰੱਖ ਸਕਾਂਗਾ ? ਕੀ ਮੈਂ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਕਾਇਦਗੀ ਨਾਲ ਨਿੱਤਨੇਮ ਕਰ ਸਕਾਂਗਾ ??? ਕੁਝ ਇਹੋ ਜਿਹੇ ਖਿਆਲ ਮੇਰੇ ਮਨ ਚ\’ ਆਉਂਦੇ ਰਹਿੰਦੇ ਸਨ ।
ਨਵੰਬਰ 1987 ਵਿੱਚ ਮੈਨੂੰੈਂ ਸਾਇੰਸ ਮਾਸਟਰ ਦੀ ਸਰਕਾਰੀ ਨੌਕਰੀ ਮਿਲ ਗਈ ਸੀ । ਮੇਰੀ ਪਹਿਲੀ ਸਰਵਿਸ ਸਰਕਾਰੀ ਹਾਈ ਸਕੂਲ ਕਕਰਾਲਾ, ਜਿਲਾ ਪਟਿਆਲਾ ਦੀ ਸੀ । ਮੈਂ ਉਦੋਂ ਸਮਾਣੇ ਕਿਰਾਏ ਤੇ ਰਹਿੰਦਾ ਸੀ ਅਤੇ ਉਥੋਂ ਰੋਜਾਨਾ ਡਿਊਟੀ ਤੇ ਪੁੱਜਦਾ ਸੀ । ਸਕੂਲ ਵਿੱਚ ਵਿਹਲੇ ਪੀਰੀਅਡ ਚ\’ ਜਾਂ ਅੱਧੀ ਛੁੱਟੀ ਸਮੇਂ ਸਾਥੀ ਅਧਿਆਪਕਾਂ ਨਾਲ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ । ਇੱਕ ਦਿਨ ਸਾਥੀ ਅਧਿਆਪਕ ਸ਼ ਰਘਬੀਰ ਸਿੰਘ ਪੀæਟੀæਆਈæ{ਅੱਜ ਉਹ ਇਸ ਦੁਨੀਆਂ ਤੇ ਨਹੀਂ ਹਨ,ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ } ਨੇ ਕਿਹਾ, \”ਜਸਵਿੰਦਰ ਸਿੰਘ,ਤੁਸੀਂ ਹੁਣ ਅੰਮ੍ਰਿਤ ਵੀ ਛਕ ਹੀ ਲਵੋ ।\” ਮੇਰੇ ਤੋਂ ਸਹਿਜ ਹੀ ਅੰਦਰਲਾ ਡਰ ਜਾਹਰ ਹੋ ਗਿਆ ਤੇ ਮੈਂ ਕਿਹਾ ਕਿ ਅਜੇ ਭਾਂਡਾ ਤਿਆਰ ਨਹੀਂ ਹੋਇਆ । ਰਘਬੀਰ ਸਿੰਘ ਜੀ ਨੇ ਸਹਿਜ ਵਿੱਚ ਹੀ ਜਵਾਬ ਦਿੱਤਾ , \”ਅੰਮ੍ਰਿਤ ਤਾਂ ਅਸੀਂ ਛਕਣਾ ਹੀ ਭਾਂਡਾ ਤਿਆਰ ਕਰਨ ਲਈ ਹੈ । ਜੇ ਭਾਂਡਾ ਤੁਸੀਂ ਆਪ ਹੀ ਤਿਆਰ ਕਰਨਾ ਹੈ, ਫਿਰ ਗੁਰੂ ਧਾਰਨ ਕਰਨ ਦੀ ਲੋੜ ਹੀ ਕੀ ਹੈ ? ਤੁਸੀਂ ਤਾਂ ਸਿਰਫ਼ ਸਮਰਪਣ ਕਰ ਦੇਣਾ ਹੈ ਗੁਰੂ ਨੂੰ, ਬਾਕੀ ਕੰਮ ਗੁਰੂ ਦਾ ਹੈ । ਉਹ ਆਪ ਹੀ ਬਖਸ਼ਿਸ਼ ਕਰੇਗਾ ।\” ਜਵਾਬ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ । ਮੈਨੂੰ ਲੱਗਿਆ ਕਿ ਉਹ ਬਿਲਕੁਲ ਠੀਕ ਕਹਿ ਰਹੇ ਹਨ । ਮੇਰੀ ਕੀ ਸਮਰੱਥਾ ਹੈ ਕਿ ਮੈਂ ਆਪਣੇ ਹਿਰਦੇ ਨੂੰ ਸੁੱਧ ਕਰ ਸਕਾਂ ? ਔਗੁਣਾਂ ਵੱਲੋਂ ਮੋੜਨ ਅਤੇ ਗੁਣਾਂ ਨਾਲ ਜੋੜਨ ਦਾ ਕੰਮ ਤਾਂ ਸਮਰੱਥ-ਸਤਿਗੁਰੂ ਹੀ ਕਰ ਸਕਦਾ ਹੈ । ਮਨ ਬਾਰੇ ਪੈਦਾ ਹੋਇਆ ਮੇਰਾ ਸ਼ੰਕਾ ਦੂਰ ਹੋ ਗਿਆ ।
ਇਹਨੀ ਦਿਨੀ ਹੀ ਗੁਰਦੁਆਰਾ ਭਗਤ ਨਾਮਦੇਵ ,ਸਮਾਣੇ ਦੀ ਪ੍ਰਬੰਧਕ ਕਮੇਟੀ ਨੇ ਰਾੜੇ ਵਾਲੇ ਸੰਤਾਂ ਦੇ ਦੀਬਾਨ ਲਗਵਾਏ । ਮੈਂ ਵੀ ਪਰਿਵਾਰ ਨਾਲ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਦੀਬਾਨ ਸੁਣਨ ਜਾਂਦਾ । ਭਾਈ ਬਲਜਿੰਦਰ ਸਿੰਘ  ਜੀ ਗੁਰ ਇਤਿਹਾਸ ਸੁਣਾਉਣ ਦੇ ਨਾਲ ਨਾਲ ਅੰਮ੍ਰਿਤ ਛਕਣ ਦੀ ਪ੍ਰੇਰਨਾ ਵੀ ਕਰਦੇ । ਆਖਰੀ ਦਿਨ ਇਸੇ ਥਾਂ ਅੰਮ੍ਰਿਤ-ਸੰਚਾਰ ਰੱਖਿਆ ਵੀ ਹੋਇਆ ਸੀ । ਇੱਕ ਦਿਨ ਉਨ੍ਹਾਂ ਆਪਣੇ ਲੈਕਚਰ ਵਿੱਚ ਕਿਹਾ, \”ਜਿਸ ਤਰਾਂ ਇੱਕ ਲੜਕੀ ਵਿਆਹ ਕਰਵਾਉਣ ਤੋਂ ਬਾਅਦ ਮਾਂ ਬਣਨਾ ਅਤੇ ਮਾਂ ਬਣ ਕੇ ਬੱਚੇ ਨੂੰ ਲੋਰੀਆਂ ਦੇਣਾ ਆਪਣੇ ਆਪ ਹੀ ਸਿੱਖ ਜਾਂਦੀ ਹੈ । ਕੋਈ ਉਸ ਨੂੰ ਸਿਖਾਉਂਦਾ ਨਹੀਂ, ਉਸੇ ਤਰਾਂ ਅੰਮ੍ਰਿਤ ਛਕ ਕੇ ਪੰਜ-ਕਕਾਰੀ ਰਹਿਤ ਰੱਖਣਾ ਤੁਸੀਂ ਆਪਣੇ ਆਪ ਹੀ ਸਿੱਖ ਜਾਵੋਗੇ । ਅੰਮ੍ਰਿਤ ਵੇਲੇ ਉਠਣਾ ਅਤੇ ਨਿੱਤਨੇਮ ਕਰਨਾ ਵੀ ਆਪਣੇ ਆਪ ਹੋ ਜਾਵੇਗਾ । ਸਭ ਗੁਰੂ ਦੀਆਂ ਬਖਸ਼ਿਸਾਂ ਹਨ ,ਤੁਸੀਂ ਬੱਸ ਸਤ-ਸੰਗਤ ਕਰਦੇ ਰਹਿਣਾ, ਉੱਦਮ ਗੁਰੂ ਆਪ ਕਰਵਾਏਗਾ ।”ਉਨ੍ਹਾਂ ਦੀ ਦਿੱਤੀ ਹੋਈ ਇਹ ਦਲੀਲ ਮੇਰੇ ਤਰਕਵਾਦੀ ਮਨ ਨੂੰ ਜਚ ਗਈ ਅਤੇ ਮੇਰਾ \’ਤਨ\’ ਬਾਰੇ ਸ਼ੰਕਾ ਵੀ ਦੂਰ ਹੋ ਗਿਆ ।
ਪਰ ਇਹ ਹੈਰਾਨੀ ਦੀ ਗੱਲ ਸੀ ਕਿ ਮੈਂ ਦੀਬਾਨਾਂ ਦੀ ਸਮਾਪਤੀ ਤੇ ਹੋਏ ਅੰਮ੍ਰਿਤ-ਸੰਚਾਰ ਸਮੇਂ ਵੀ ਅੰਮ੍ਰਿਤ ਨਹੀਂ ਛਕਿਆ । ਇਸ ਨੂੰ ਕੋਈ ਅਗੰਮੀ ਪ੍ਰੇਰਨਾ ਹੀ ਕਿਹਾ ਜਾ ਸਕਦਾ ਏ ਕਿ ਲੱਗਭਗ 2-4 ਮਹੀਨੇ ਬਾਅਦ ਗੁਰਦੁਆਰਾ ਥੜ੍ਹਾ ਸਾਹਿਬ ਸਮਾਣੇ ਵਿਖੇ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਅੰਮ੍ਰਿਤ-ਸੰਚਾਰ ਲਈ ਆਏ । ਪਹਿਲਾਂ ਕੋਈ ਪ੍ਰਚਾਰ ਬਗੈਰਾ ਵੀ ਨਹੀਂ ਹੋਇਆ । ਮੈਂ 23 ਸਤੰਬਰ 1990 ਨੂੰ ਸਵੇਰੇ 7 ਵਜੇ ਆਪਣੇ ਆਪ ਅੰਮ੍ਰਿਤ-ਅਭਿਲਾਖੀਆਂ ਦੀ ਕਤਾਰ ਵਿੱਚ ਖੜਾ ਸੀ ਤੇ ਉਸ ਦਿਨ ਤੋਂ ‘ਖਾਲਸਾ’ ਸਜ ਗਿਆ ਸੀ । ਮੇਰੇ ਸਾਥੀ ਵੀ ,ਜਿਹਨਾਂ ਨੇ ਮੈਨੂੰ ਅੰਮ੍ਰਿਤ ਤੇ ਕਿੰਤੂ-ਪਰੰਤੂ ਕਰਦੇ ਸੁਣਿਆ ਸੀ,ਹੈਰਾਨ ਰਹਿ ਗਏ ਸਨ ।
ਅੱਜ 23 ਸਾਲਾਂ ਬਾਅਦ ਮੈਂ ਆਪਣਾ ਵਿਸ਼ਲੇਸ਼ਣ ਕਰਨ ਲੱਗਦਾ ਹਾਂ । ਤਨ ਬਾਰੇ ਮੈਨੂੰ ਕਦੀ ਸਮੱਸਿਆ ਨਹੀਂ ਆਈ । ਇੱਕੋ ਗੱਲ ਮਨ ਚ\’ ਆਉਂਦੀ ਹੈ ਕਿ ਜੇ ਅਜੇ ਪੂਰਨ -ਗੁਣਵਾਨ ਨਹੀਂ ਬਣ ਸਕਿਆ ,ਵਿਕਾਰਾਂ ਤੋਂ ਖਹਿੜਾ ਨਹੀਂ ਛਡਾ ਸਕਿਆ ,ਤਾਂ ਕਸੂਰ ਸਮਰਪਣ ਦਾ ਹੀ ਹੈ । ਸ਼ਾਇਦ ਮੈਂ ਅੱਜ ਵੀ ਗੁਰੂ ਨੂੰ ਪੂਰਨ-ਸਮਰਪਿਤ ਨਹੀਂ ਹੋ ਸਕਿਆ । ਵਰਨਾ ਇਹ ਕਿਵੇਂ ਹੋ ਸਕਦਾ ਏ ਕਿ ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦਾ ਦਿੱਤਾ ਸਬਕ ਯਾਦ ਕਰੇ , ਉਸ ਨੂੰ ਸਫ਼ਲਤੇਂ ਨਾ ਮਿਲੇ ? ਘਾਟ ਅਜੇ ਵੀ ਇਹੀ ਹੈ ਕਿ ਗੁਰੂ ਦੇ ਦੱਸੇ ਮਾਰਗ ਤੇ ਪੂਰਾ ਨਹੀਂ ਚੱਲ ਹੁੰਦਾ ਤੇ ਦੁਨਿਆਵੀ ਮੋਹ-ਮਾਇਆ ਵੱਧ ਪ੍ਰਭਾਵ ਪਾ ਜਾਂਦੀ ਹੈ । ਪਾਤਸਾਹ ਬਖਸ਼ਿਸ਼ ਕਰਨ ਕਿ ਸਵੈ-ਪੜਚੋਲ ਕਰ ਕੇ ਆਪਾ ਸੁਧਾਰਨ ਵੱਲ ਲੱਗਿਆ ਰਵਾਂ ।